ਅਮਰੀਕਾ ਦੀ ਸਭ ਤੋਂ ਲੰਮੀ ਜੰਗ ਖ਼ਤਮ: ਬਾਇਡਨ

ਲੋਕ ਆਵਾਜ਼, ਸਤੰਬਰ 1,2021:

ਕਾਬੁਲ ਤੋਂ ਅਮਰੀਕਾ ਦਾ ਆਖ਼ਰੀ ਜਹਾਜ਼ ਉਡਣ ਦੇ ਕੁਝ ਘੰਟਿਆਂ ਬਾਅਦ ਰਾਸ਼ਟਰਪਤੀ ਜੋਅ ਬਾਇਡਨ ਨੇ ਅੱਜ ਕਿਹਾ ਕਿ ਅਫ਼ਗਾਨਿਸਤਾਨ ਵਿਚ ਅਮਰੀਕਾ ਦੀ ਸਭ ਤੋਂ ਲੰਮੀ ਜੰਗ ਖ਼ਤਮ ਹੋ ਗਈ ਹੈ। 20 ਸਾਲ ਚੱਲੀ ਜੰਗ ਵਿਚ ਅਮਰੀਕਾ ਦੇ ਕਰੀਬ 2500 ਸੈਨਿਕ ਮਾਰੇ ਗਏ। ਸੀ17 ਜਹਾਜ਼ ਦੇ ਉਡਣ ਸਾਰ ਹੀ ਅਮਰੀਕਾ ਨੇ ਉਸੇ ਇਸਲਾਮਿਕ ਦਹਿਸ਼ਤਗਰਦ ਸੰਗਠਨ ਨੂੰ ਸੱਤਾ ਵਾਪਸ ਸੌਂਪ ਦਿੱਤੀ ਜਿਸ ਕੋਲੋਂ 2001 ਵਿਚ ਖੋਹੀ ਸੀ। ਬਾਇਡਨ ਨੇ ਖ਼ਤਰਿਆਂ ਦੇ ਬਾਵਜੂਦ ਅਮਰੀਕੀ ਸੈਨਾ ਵੱਲੋਂ ਲੋਕਾਂ ਨੂੰ ਕੱਢਣ ਲਈ ਚਲਾਈ ਮੁਹਿੰਮ ਲਈ ਫ਼ੌਜ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਏਅਰਲਿਫਟ ਮਿਸ਼ਨ ਖ਼ਤਮ ਹੈ। 31 ਤਰੀਕ ਨੂੰ ਮਿਸ਼ਨ ਖ਼ਤਮ ਕਰਨ ਦਾ ਫ਼ੈਸਲਾ ਫ਼ੌਜੀਆਂ ਦੀ ਜਾਨ ਬਚਾਉਣ ਤੇ ਉਨ੍ਹਾਂ ਖਾਤਰ ਲਿਆ ਗਿਆ ਹੈ ਜੋ ਆਉਣ ਵਾਲੇ ਦਿਨਾਂ-ਮਹੀਨਿਆਂ ਵਿਚ ਅਫ਼ਗਾਨ ਧਰਤੀ ਤੋਂ ਨਿਕਲਣਗੇ। ਬਾਇਡਨ ਨੇ ਕਿਹਾ ਕਿ ਉਨ੍ਹਾਂ ਵਿਦੇਸ਼ ਮੰਤਰੀ ਬਲਿੰਕਨ ਨੂੰ ਅਮਰੀਕਾ ਦੇ ਕੌਮਾਂਤਰੀ ਭਾਈਵਾਲਾਂ ਨਾਲ ਤਾਲਮੇਲ ਜਾਰੀ ਰੱਖਣ ਲਈ ਕਿਹਾ ਹੈ ਤਾਂ ਕਿ ਜੋ ਵੀ ਅਫ਼ਗਾਨਿਸਤਾਨ ਛੱਡਣਾ ਚਾਹੁੰਦਾ ਹੈ ਉਸ ਨੂੰ ਕੱਢਿਆ ਜਾ ਸਕੇ। ਇਸੇ ਦੌਰਾਨ ਅਮਰੀਕਾ ਦੇ ਰੱਖਿਆ ਮੰਤਰੀ ਲੌਇਡ ਆਸਟਿਨ ਨੇ ਕਿਹਾ ਕਿ ਜੋ ਕਾਰਨਾਮਾ ਅਮਰੀਕੀ ਫ਼ੌਜ ਨੇ ਆਪਣੇ ਸਾਥੀ ਮੁਲਕਾਂ ਨਾਲ ਮਿਲ ਕੇ ਐਨੇ ਥੋੜ੍ਹੇ ਸਮੇਂ ਵਿਚ ਕੀਤਾ ਹੈ, ਦੁਨੀਆ ਦੀ ਹੋਰ ਕੋਈ ਫ਼ੌਜ ਅਜਿਹਾ ਨਹੀਂ ਕਰ ਸਕਦੀ ਸੀ। ਆਸਟਿਨ ਨੇ ਕਿਹਾ ਕਿ ਅਮਰੀਕਾ ਲਿਆਂਦੇ ਗਏ ਅਫ਼ਗਾਨ ਮਿੱਤਰਾਂ ਨੂੰ ਉਹ ਹੁਣ ਆਰਜ਼ੀ ਰਿਹਾਇਸ਼ਾਂ, ਸਿਹਤ ਸੰਭਾਲ ਤੇ ਹੋਰ ਸਹੂਲਤਾਂ ਦੇਣਗੇ। ਉਨ੍ਹਾਂ ਕਿਹਾ ਕਿ ਅਤਿਵਾਦੀ ਹਮਲਿਆਂ ਤੋਂ ਪੂਰੀ ਦੁਨੀਆ ਵਿਚ ਆਪਣੇ ਨਾਗਰਿਕਾਂ ਦੀ ਰਾਖੀ ਲਈ ਅਮਰੀਕਾ ਨਿੱਠ ਕੇ ਯਤਨ ਕਰਦਾ ਰਹੇਗਾ। 

Leave a Reply

Your email address will not be published. Required fields are marked *