ਖਰੀਦ ਕੇਂਦਰ ਬੰਦ ਕਰਨ ’ਤੇ ਕਿਸਾਨਾਂ ’ਚ ਰੋਸ

ਲੋਕ ਆਵਾਜ਼, ਅਪ੍ਰੈਲ 15,2022:

ਭਾਰਤੀ ਖੁਰਾਕ ਨਿਗਮ ਵੱਲੋਂ ਕਣਕ ਦੀ ਖਰੀਦ ਬੰਦ ਕਰਨ ਦੇ ਰੋਸ ਵਜੋਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਪਿੰਡ ਥਾਂਦੇਵਾਲਾ ਦੀ ਮੰਡੀ ਵਿੱਚ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ।
ਪ੍ਰਦਰਸ਼ਨ ਦੌਰਾਨ ਬੋਲਦੇ ਹੋਏ ਬਲਵਿੰਦਰ ਸਿੰਘ ਭੁੱਟੀਵਾਲਾ, ਬਲਵਿੰਦਰ ਸਿੰਘ ਥਾਂਦੇਵਾਲਾ, ਬਲਜੀਤ ਸਿੰਘ ਲੰਡੇ ਰੋਡੇ, ਰਣਜੀਤ ਸਿੰਘ ਝਬੇਲਵਾਲੀ ਨੇ ਕਿਹਾ ਕਿ ਕਿਸਾਨਾਂ ਨੇ ਆਪਣੀ ਕਣਕ ਪੁੱਤਾਂ ਵਾਂਗ ਪਾਲੀ ਹੈ, ਕਿਸਾਨ ਦੇ ਜਵਾਨ ਬੱਚੇ ਪੋਹ ਮਾਘ ਦੀਆਂ ਰਾਤਾਂ ਨੂੰ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਪਾਣੀ ਲਾਉਂਦੇ ਰਹੇ, ਆਪਣੀਆਂ ਪਿੱਠਾਂ ਉਪਰ ਮੌਤ ਰੂਪੀ ਸਪਰੇਆ ਚੁੱਕੇ ਕੇ ਕਣਕ ’ਤੇ ਛਿੜਕਦੇ ਰਹੇ, ਪਰ ਆਖਿਰ ਸਮੇਂ ਮੌਸਮ ਖਰਾਬ ਹੋਣ ਕਾਰਨ ਕਣਕ ਬਾਰੀਕ ਰਹਿ ਗਈ। ਸਰਕਾਰ ਨੂੰ ਚਾਹੀਦਾ ਹੈ ਕਿ ਕਣਕ ਦਾ ਝਾੜ ਘੱਟ ਹੋਣ ਕਾਰਨ ਕਿਸਾਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ, ਪਰ ਉਲਟਾ ਸਰਕਾਰ ਨੇ ਖਰੀਦ ਕੇਂਦਰ ਬੰਦ ਕਰਕੇ ਕਿਸਾਨ ਵਿਰੋਧੀ ਅਤੇ ਕਾਰਪੋਰੇਟ ਪੱਖੀ ਹੋਣ ਦਾ ਸਬੂਤ ਦਿੱਤਾ ਹੈ। ਜੋ ਕਿਸਾਨ ਯੂਨੀਅਨਾਂ ਕਦੇ ਵੀ ਬਰਦਾਸ਼ਤ ਨਹੀਂ ਕਰਨਗੀਆਂ। ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦੀ ਹੀ ਖਰੀਦ ਸ਼ੁਰੂ ਨਾ ਕੀਤੀ ਤਾਂ ਆਉਣ ਵਾਲੇ ਦਿਨਾਂ ਵਿੱਚ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਚਾਇਨਾ ਥਾਂਦੇਵਾਲਾ, ਜਗਸੀਰ ਸਿੰਘ ਰਾਜਾ ਥਾਂਦੇਵਾਲਾ, ਨਿੱਕਾ ਧਾਲੀਵਾਲ, ਜੱਸਾ ਸਿੰਘ ਥਾਂਦੇਵਾਲਾ, ਇੰਦਰਜੀਤ ਸਿੰਘ ਥਾਂਦੇਵਾਲਾ, ਬਲਜੀਤ ਸਿੰਘ ਝਬੇਲਵਾਲੀ, ਜਸ਼ਨ ਝਬੇਲਵਾਲੀ, ਜਸਵਿੰਦਰ ਭੱਲਾ ਤੋਂ ਇਲਾਵਾ ਵੱਡੀ ਗਿਣਤੀ ’ਚ ਕਿਸਾਨ ਹਾਜ਼ਰ ਸਨ।

Leave a Reply

Your email address will not be published. Required fields are marked *