ਪੈਟਰੋਲ-ਡੀਜ਼ਲ ਤੋਂ ਬਾਅਦ ਸੀਐਨਜੀ-ਪੀਐਨਜੀ ’ਚ ਵਾਧਾ

ਲੋਕ ਆਵਾਜ਼, ਮਾਰਚ 25,2022:

ਪੈਟਰੋਲ-ਡੀਜ਼ਲ ਅਤੇ ਐਲਪੀਜੀ ਗੈਸ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਬਾਅਦ ਅੱਜ ਸੀਐਨਜੀ-ਪੀਐਨਜੀ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਘਰੇਲੂ ਪੀਐਨਜੀ ਦੀ ਕੀਮਤ ਵਿੱਚ ਪ੍ਰਤੀ ਐਸਸੀਐਮ 1.00 ਰੁਪਏ ਦਾ ਵਾਧਾ ਕੀਤਾ ਗਿਆ ਹੈ, ਹਾਲਾਂਕਿ ਵਧੀਆਂ ਕੀਮਤਾਂ ਪੂਰੇ ਦੇਸ਼ ਵਿੱਚ ਨਹੀਂ ਸਿਰਫ ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਵਿੱਚ ਲਾਗੂ ਹੋਣਗੀਆਂ।
ਇਸ ਤੋਂ ਇਲਾਵਾ ਰਾਜਧਾਨੀ ਦਿੱਲੀ ਵਿੱਚ ਸੀਐਨਜੀ ਦੀ ਕੀਮਤ ਵਿੱਚ 50 ਪੈਸੇ ਦਾ ਵਾਧਾ ਕੀਤਾ ਗਿਆ ਹੈ। ਰਾਹਤ ਦੀ ਗੱਲ ਇਹ ਹੈ ਕਿ ਵੀਰਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਦੋ ਦਿਨ ਲਗਾਤਾਰ 80-80 ਪੈਸੇ ਦਾ ਵਾਧਾ ਕੀਤਾ ਗਿਆ ਸੀ। ਇਸ ਦੇ ਨਾਲ ਹੀ ਮੰਗਲਵਾਰ ਨੂੰ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਵੀ 50 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ ।
ਪਾਈਪ ਵਾਲੀ ਕੁਦਰਤੀ ਗੈਸ ਭਾਵ ਪੀਐਨਜੀ ਵੀਰਵਾਰ ਤੋਂ ਹੋਰ ਮਹਿੰਗੀ ਹੋ ਗਈ ਹੈ। ਇੰਦਰਪ੍ਰਸਥ ਗੈਸ ਲਿਮ. ਨੇ ਦਿੱਲੀ- ਐਨਸੀਆਰ ਵਿੱਚ ਪੀਐਨਜੀ ਦੀਆਂ ਕੀਮਤਾਂ ਵਿੱਚ ਪ੍ਰਤੀ ਐਸਸੀਐਮ 1 ਰੁਪਏ ਦਾ ਵਾਧਾ ਕੀਤਾ ਹੈ। ਕੀਮਤਾਂ ਵਿੱਚ ਇਹ ਵਾਧਾ 24 ਮਾਰਚ 2022 ਵੀਰਵਾਰ ਤੋਂ ਲਾਗੂ ਹੋ ਗਿਆ ਹੈ। ਅਜਿਹੇ ’ਚ ਹੁਣ ਦਿੱਲੀ ’ਚ ਗੈਸ 36.61 ਰੁਪਏ ਤੋਂ ਵਧ ਕੇ 37.61 ਰੁਪਏ ਪ੍ਰਤੀ ਹੋ ਗਈ ਹੈ। ਗੌਤਮ ਬੁੱਧ ਨਗਰ ਵਿੱਚ ਵੀ ਪੀਐਨਜੀ ਗੈਸ ਲਈ ਹੁਣ 35.86 ਰੁਪਏ ਪ੍ਰਤੀ ਐਸਸੀਐਮ ਅਦਾ ਕਰਨੇ ਪੈਣਗੇ। ਇਸ ਤੋਂ ਇਲਾਵਾ ਸੀਐਨਜੀ ਦੀ ਕੀਮਤ ਵਿੱਚ 50 ਪੈਸੇ ਪ੍ਰਤੀ ਕਿਲੋ ਦਾ ਵਾਧਾ ਕੀਤਾ ਗਿਆ ਹੈ। ਇਹ ਵਾਧਾ ਵੀ ਵੀਰਵਾਰ ਸਵੇਰੇ 6 ਵਜੇ ਤੋਂ ਲਾਗੂ ਹੈ। ਦਿੱਲੀ ਵਿਚ ਸੀਐਨਜੀ ਦੀ ਕੀਮਤ ਹੁਣ 59.01 ਰੁਪਏ ਪ੍ਰਤੀ ਕਿਲੋ ਹੋ ਜਾਵੇਗੀ।
ਦੱਸਣਾ ਬਣਦਾ ਹੈ ਕਿ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਨਾਲ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਵਾਧਾ ਹੋਣ ਦੀ ਸੰਭਾਵਨਾ ਜਾਹਰ ਕੀਤੀ ਜਾ ਰਹੀ ਸੀ, ਪਰ ਪੈਟਰੋਲੀਅਮ ਕੰਪਨੀਆਂ ਨੇ ਕੁਝ ਦਿਨਾਂ ਤੱਕ ਇੰਤਜ਼ਾਰ ਕੀਤਾ ਸੀ। ਭਾਰਤ ਆਪਣੀ 85 ਫੀਸਦੀ ਪੈਟਰੋਲੀਅਮ ਜ਼ਰੂਰਤਾਂ ਨੂੰ ਦਰਾਮਦ ਰਾਹੀਂ ਪੂਰਾ ਕਰਦਾ ਹੈ। ਯੂਕਰੇਨ ’ਤੇ ਰੂਸ ਦੇ ਹਮਲੇ ਤੋਂ ਬਾਅਦ ਪਿਛਲੇ ਮਹੀਨੇ ਕੱਚੇ ਤੇਲ ਦੀਆਂ ਕੀਮਤਾਂ ’ਚ ਕਾਫੀ ਉਛਾਲ ਦੇਖਣ ਨੂੰ ਮਿਲਿਆ ਹੈ। ਕੋਟਕ ਇੰਸਟੀਚਿਊਟ ਇਕੁਇਟੀਜ ਨੇ ਇਕ ਨੋਟ ’ਚ ਕਿਹਾ ਹੈ ਕਿ ਜੇਕਰ ਕੱਚੇ ਤੇਲ ਦੀਆਂ ਕੀਮਤਾਂ 100-120 ਡਾਲਰ ਪ੍ਰਤੀ ਬੈਰਲ ਦੇ ਦਾਇਰੇ ’ਚ ਰਹਿੰਦੀਆਂ ਹਨ ਤਾਂ ਪੈਟਰੋਲੀਅਮ ਕੰਪਨੀਆਂ ਨੂੰ ਡੀਜ਼ਲ ’ਚ ਪ੍ਰਤੀ ਲੀਟਰ 13.1-24.9 ਰੁਪਏ ਦਾ ਵਾਧਾ ਕਰਨ ਦੀ ਜ਼ਰੂਰਤ ਹੋਵੇਗੀ ਜਦੋਂਕਿ ਪੈਟਰੋਲ ਦੇ ਮਾਮਲੇ ਵਿਚ ਇਹ ਵਾਧਾ 10.6-22.3 ਰੁਪਏ ਪ੍ਰਤੀ ਲੀਟਰ ਤੱਕ ਹੋ ਸਕਦਾ ਹੈ।

Leave a Reply

Your email address will not be published. Required fields are marked *