ਲੋਕ ਆਵਾਜ਼, ਫਰਵਰੀ 20,2022:
ਪੰਜਾਬ ਦੀਆਂ 117 ਵਿਧਾਨ ਸਭਾ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ, ਸੂਬੇ ਦੀਆਂ 117 ਵਿਧਾਨ ਸਭਾ ਸੀਟਾਂ ਤੋਂ ਕਿਸਮਤ ਅਜ਼ਮਾ ਰਹੇ 1304 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ 2.14 ਕਰੋੜ ਤੋਂ ਵੱਧ ਵੋਟਰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ.) ਰਾਹੀਂ ਵੋਟ ਪਾਉਣਗੇ।
ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿੱਚ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ। ਪੰਜਾਬ ਵਿਧਾਨ ਸਭਾ ਸੀਟਾਂ ਲਈ ਕੁੱਲ 24,740 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇਨ੍ਹਾਂ ਵਿੱਚੋਂ 2013 ਪੋਲਿੰਗ ਸਟੇਸ਼ਨਾਂ ਨੂੰ ਗੰਭੀਰ ਸੰਵੇਦਨਸ਼ੀਲ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਅਧਿਕਾਰੀਆਂ ਨੇ ਮਤਦਾਨ ਨੂੰ ਸੁਤੰਤਰ ਅਤੇ ਨਿਰਪੱਖ ਕਰਾਉਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਪੰਜਾਬ ਦੀਆਂ 117 ਵਿਧਾਨਸਭਾ ਸੀਟਾਂ ’ਤੇ ਇੱਕੋ ਹੀ ਗੇੜ ਵਿੱਚ ਚੋਣ ਹੋਵੇਗੀ। ਚੋਣ ਨਤੀਜੇ 10 ਮਾਰਚ ਨੂੰ ਆਉਣਗੇ।
ਵਿਸਥਾਰ – ਸੂਬੇ ‘ਚ ਇਸ ਵਾਰ ਕੁੱਲ 2,14,99,804 ਵੋਟਰ ਹਨ, ਜਿਨ੍ਹਾਂ ’ਚ 1,12,98,081 ਪੁਰਸ਼, 1,02,00,996 ਔਰਤਾਂ ਅਤੇ 727 ਟਰਾਂਸਜੈਂਡਰ ਹਨ। 117 ਹਲਕਿਆਂ ਵਿਚ 1304 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ’ਚ 1209 ਪੁਰਸ਼, 93 ਔਰਤਾਂ ਅਤੇ 2 ਟਰਾਂਸਜੈਂਡਰ ਸ਼ਾਮਲ ਹਨ। ਚੋਣ ਕਮਿਸ਼ਨ ਮੁਤਾਬਕ ਕੁੱਲ 1304 ਉਮੀਦਵਾਰਾਂ ’ਚੋਂ 231 ਰਾਸ਼ਟਰੀ ਪਾਰਟੀਆਂ, 250 ਸੂਬਾਈ ਪਾਰਟੀਆਂ, 362 ਗੈਰ ਮਾਨਤਾ ਪ੍ਰਾਪਤ ਪਾਰਟੀਆਂ ਨਾਲ ਸਬੰਧਤ ਹਨ, ਜਦਕਿ 461 ਆਜ਼ਾਦ ਉਮੀਦਵਾਰ ਇਸ ਵਾਰ ਚੋਣ ਮੈਦਾਨ ਵਿਚ ਹਨ। ਚੋਣ ਲੜ ਰਹੇ 315 ਉਮੀਦਵਾਰ ਅਪਰਾਧਿਕ ਪਿਛੋਕੜ ਵਾਲੇ ਹਨ। ਚੋਣ ਅਧਿਕਾਰੀ ਡਾ. ਰਾਜੂ ਨੇ ਦੱਸਿਆ ਕਿ ਪੋਲਿੰਗ ਸਟੇਸ਼ਨਾਂ ਵਾਲੀਆਂ 14,684 ਥਾਵਾਂ ‘ਤੇ 24,689 ਪੋਲਿੰਗ ਸਟੇਸ਼ਨ ਅਤੇ 51 ਆਗਜ਼ਿਲਰੀ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ’ਚੋਂ 2013 ਦੀ ਪਛਾਣ ਗੰਭੀਰ, ਜਦਕਿ 2952 ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਵਜੋਂ ਕੀਤੀ ਗਈ ਹੈ। 1196 ਮਾਡਲ ਪੋਲਿੰਗ ਸਟੇਸ਼ਨ, 196 ਮਹਿਲਾ ਪ੍ਰਬੰਧਤ ਪੋਲਿੰਗ ਸਟੇਸ਼ਨ ਅਤੇ 70 ਦਿਵਿਆਂਗਾਂ ਦੁਆਰਾ ਸੰਚਾਲਿਤ ਪੋਲਿੰਗ ਸਟੇਸ਼ਨ ਹੋਣਗੇ। ਸਾਰੇ ਪੋਲਿੰਗ ਸਟੇਸ਼ਨਾਂ ਦੀ ਵੈੱਬਕਾਸਟਿੰਗ ਕੀਤੀ ਜਾ ਰਹੀ ਹੈ।