ਗਰੀਬਾਂ ਨੂੰ 25 ਹਜ਼ਾਰ ਮਕਾਨ ਬਣਾ ਕੇ ਦੇਵੇਗੀ ਪੰਜਾਬ ਸਰਕਾਰ

ਲੋਕ ਆਵਾਜ਼, ਦਸੰਬਰ 15,2021:

ਪੰਜਾਬ ਮੰਤਰੀ ਮੰਡਲ ਨੇ ਚੋਣਾਂ ਦੇ ਮੱਦੇਨਜ਼ਰ ਲੋਕ ਪੱਖੀ ਪੈਂਤੜਾ ਅਖ਼ਤਿਆਰ ਕਰਦਿਆਂ ਅੱਜ ਸਮਾਜ ਦੇ ਹਰ ਵਰਗ ਨੂੰ ਖ਼ੁਸ਼ ਕਰਨ ਦਾ ਯਤਨ ਕੀਤਾ| ਪੰਜਾਬ ਕੈਬਨਿਟ ਨੇ ਆਰਥਿਕ ਤੌਰ ’ਤੇ ਕਮਜ਼ੋਰ ਲੋਕਾਂ ਨੂੰ ਘਰ ਬਣਾ ਕੇ ਦੇਣ, ਸਰਕਾਰੀ ਸਕੂਲਾਂ ਅਤੇ ਸਿਹਤ ਸੰਸਥਾਵਾਂ ਨੂੰ ਅੱਪਗਰੇਡ ਕਰਨ, ਮਿਨੀ ਬੱਸ ਅਪਰੇਟਰਾਂ ਨੂੰ ਰਿਆਇਤਾਂ ਅਤੇ ਥ੍ਰੀਵੀਲਰ/ਟੈਕਸੀਆਂ ਦੇ ਜੁਰਮਾਨੇ ਮੁਆਫ਼ ਕਰਨ ਆਦਿ ਵਰਗੇ ਫ਼ੈਸਲੇ ਲਏ ਹਨ|

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਵਿਚ ਸਮਾਜ ਦੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਨੂੰ ਮਕਾਨ ਮੁਹੱਈਆ ਕਰਵਾਉਣ ਲਈ ਵੱਖ-ਵੱਖ ਸ਼ਹਿਰੀ ਵਿਕਾਸ ਅਥਾਰਿਟੀਆਂ ਦੁਆਰਾ ਬਣਾਏ ਜਾਣ ਵਾਲੇ 25,000 (ਈ.ਡਬਲਿਊ.ਐਸ.) ਘਰਾਂ ਦੀ ਅਲਾਟਮੈਂਟ ਲਈ ਅਰਜ਼ੀਆਂ ਮੰਗਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ| ਰਿਹਾਇਸ਼ੀ ਇਕਾਈਆਂ ਦਾ ਖੇਤਰ ਲਗਭਗ 30 ਵਰਗ ਮੀਟਰ ਹੋਵੇਗਾ ਅਤੇ ਇਨ੍ਹਾਂ ਮਕਾਨਾਂ ਦੇ ਮਾਲਕੀ ਹੱਕ ਵੀ ਦਿੱਤੇ ਜਾਣਗੇ| ਸਾਰੀਆਂ ਵਿਕਾਸ ਅਥਾਰਿਟੀਆਂ ਜਿਵੇਂ ਗਮਾਡਾ, ਗਲਾਡਾ, ਪੀਡੀਏ, ਬੀਡੀਏ, ਜੇਡੀਏ ਅਤੇ ਏਡੀਏ ਵਿਚ ਈ.ਡਬਲਿਊ.ਐੱਸ. ਹਾਊਸਿੰਗ ਲਈ 397.048 ਏਕੜ ਜ਼ਮੀਨ ਉਪਲੱਬਧ ਹੈ| ਹਰੇਕ ਈ.ਡਬਲਿਊ.ਐੱਸ. ਲਈ 85 ਯੂਨਿਟ ਪ੍ਰਤੀ ਏਕੜ ਦੇ ਹਿਸਾਬ ਨਾਲ 80 ਫ਼ੀਸਦੀ ਖੇਤਰ ਮਕਾਨਾਂ ਲਈ ਹੋਵੇਗਾ ਜਦੋਂ ਕਿ 20 ਫ਼ੀਸਦੀ ਖੇਤਰ ਸਕੂਲ, ਡਿਸਪੈਂਸਰੀ, ਖੇਡ ਦੇ ਮੈਦਾਨ ਅਤੇ ਕਮਿਊਨਿਟੀ ਸੈਂਟਰ ਲਈ ਛੱਡਿਆ ਜਾਵੇਗਾ| ਸ਼ਹਿਰੀ ਵਿਕਾਸ ਅਥਾਰਿਟੀਆਂ ਵਿਚ ਡਿਵੈਲਪਰਾਂ ਦੇ ਖੜ੍ਹੇ ਬਕਾਏ ’ਤੇ 10 ਫ਼ੀਸਦੀ ਸਾਧਾਰਨ ਵਿਆਜ ਜਮ੍ਹਾਂ 3 ਫ਼ੀਸਦੀ ਦੰਡ ਵਿਆਜ ਦੀ ਕਟੌਤੀ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ| ਨਵੇਂ ਅਤੇ ਚੱਲ ਰਹੇ  ਪ੍ਰੋਜੈਕਟਾਂ ਲਈ ਵਿਆਜ਼ ਦੀਆਂ ਸਾਧਾਰਨ ਤੇ ਜੁਰਮਾਨਾ ਦਰਾਂ ਨੂੰ ਘਟਾ ਕੇ 7.5 ਫ਼ੀਸਦੀ ਸਾਲਾਨਾ ਅਤੇ 10 ਫ਼ੀਸਦੀ ਸਾਲਾਨਾ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ| ਪੰਜਾਬ ਕੈਬਨਿਟ ਨੇ ‘ਆਪ’ ਦੇ ਸਿਆਸੀ ਪ੍ਰਚਾਰ ਦੇ ਟਾਕਰੇ ਲਈ ਅੱਜ 229 ਸਕੂਲਾਂ ਨੂੰ ਵੱਖੋ-ਵੱਖਰੇ ਪੱਧਰ ’ਤੇ ਅਪਗ੍ਰੇਡ ਕਰਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ| ਮੰਤਰੀ ਮੰਡਲ ਨੇ ਅੱਜ 28 ਸਿਹਤ ਸੰਸਥਾਵਾਂ (ਪ੍ਰਾਇਮਰੀ ਸਿਹਤ ਕੇਂਦਰ, ਕਮਿਊਨਿਟੀ ਹੈਲਥ ਸੈਂਟਰ ਅਤੇ ਸਬ ਡਿਵਿਜ਼ਨਲ ਹਸਪਤਾਲ ਆਦਿ) ਨੂੰ ਅਪਗ੍ਰੇਡ ਕਰਕੇ ਸੀਨੀਅਰ ਮੈਡੀਕਲ ਅਫ਼ਸਰ, ਮੈਡੀਕਲ ਅਫ਼ਸਰ, ਸਟਾਫ਼ ਨਰਸ, ਫਾਰਮਾਸਿਸਟ, ਲੈਬਾਰਟਰੀ ਟੈਕਨੀਸ਼ੀਅਨ ਆਦਿ ਸਮੇਤ 775 ਅਸਾਮੀਆਂ ਸਿਰਜਣ ਦੀ ਪ੍ਰਵਾਨਗੀ ਦੇ ਦਿੱਤੀ ਹੈ | ਕਮਿਊਨਿਟੀ ਹੈਲਥ ਸੈਂਟਰ ਮੋਰਿੰਡਾ ਵਿਖੇ ਨਵਾਂ ਟਰੌਮਾ ਸੈਂਟਰ ਖੋਲ੍ਹਣ ਦੀ ਪ੍ਰਵਾਨਗੀ ਵੀ ਦੇ ਦਿੱਤੀ ਗਈ ਹੈ| ਸ੍ਰੀ ਗੋਇੰਦਵਾਲ ਸਾਹਿਬ ਵਿਖੇ ਨਵੀਂ ਬਣੀ ਕੇਂਦਰੀ ਜੇਲ੍ਹ ਲਈ 513 ਨਵੀਆਂ ਅਸਾਮੀਆਂ ਸਿਰਜਣ ਅਤੇ ਭਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ| ਕੈਬਨਿਟ ਨੇ ਜ਼ਮੀਨ ਅਤੇ ਵਿਕਾਸ ਖ਼ਰਚੇ ਉੱਕਾ-ਪੁੱਕਾ ਰੂਪ ਵਿਚ ਵਸੂਲ ਕਰਕੇ ਬਠਿੰਡਾ ਵਿਕਾਸ ਅਥਾਰਿਟੀ ਦੀ 29 ਏਕੜ ਐਕੁਆਇਰ ਕੀਤੀ ਜ਼ਮੀਨ ’ਤੇ ‘ਜਿਵੇਂ ਹੈ ਜਿੱਥੇ ਹੈ ਆਧਾਰ ਉਤੇ’ ਬਠਿੰਡਾ ਦੇ ਪ੍ਰੀਤ ਨਗਰ, ਗੁਰੂ ਅਰਜਨ ਦੇਵ ਨਗਰ ਅਤੇ ਅਜੀਤ ਰੋਡ ਆਦਿ ਵਿਖੇ ਸਥਿਤ ਅਰਬਨ ਅਸਟੇਟ ਵਿਚ ਕਾਫ਼ੀ ਸਮੇਂ ਤੋਂ ਨਿਰਮਾਣ ਕੀਤੇ ਘਰਾਂ/ਪਲਾਟਾਂ ਵਿਚ ਰਹਿੰਦੇ ਆ ਰਹੇ 450 ਪਰਿਵਾਰਾਂ/ਕਾਬਜ਼ਕਾਰਾਂ ਨੂੰ ਰਿਹਾਇਸ਼ੀ ਪਲਾਟ ਅਲਾਟ ਕਰਨ ਦਾ ਫ਼ੈਸਲਾ ਕੀਤਾ ਹੈ।

Leave a Reply

Your email address will not be published.