ਮੁੱਖ ਮੰਤਰੀ ਚੰਨੀ ਨੇ ਮੋਹਾਲੀ ’ਚ ਬਣਨ ਵਾਲੇ 350 ਬਿਸਤਰਿਆਂ ਦੇ ਹਸਪਤਾਲ ਦਾ ਨੀਂਹ ਪੱਥਰ ਰੱਖਿਆ

ਲੋਕ ਆਵਾਜ਼, ਨਵੰਬਰ 10,2021:

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਅੱਜ ਸੈਕਟਰ 66 ਵਿੱਚ (ਸ਼ਿਸ਼ੂ ਨਿਕੇਤਨ ਦੇ ਸਾਮ੍ਹਣੇ ਪੈਂਦੀ ਖਾਲੀ ਥਾਂ) ਪੌਣੇ 9 ਏਕੜ ਜਮੀਨ ਵਿੱਚ ਉਸਾਰੇ ਜਾਣ ਵਾਲੇ 350 ਬਿਸਤਰਿਆਂ ਵਾਲੇ ਸਿਵਲ ਹਸਪਤਾਲ ਦਾ ਨੀਂਹ ਪੱਥਰ ਰੱਖਿਆ। ਇਥੇ ਜਿਕਰਯੋਗ ਹੈ ਕਿ ਮੁਹਾਲੀ ਦੇ ਫੇਜ਼ 6 ਵਿਚਲੇ ਹਸਪਤਾਲ ਵਾਲੀ ਥਾਂ ਤੇ ਮੈਡੀਕਲ ਕਾਲੇਜ ਆਰੰਭ ਕੀਤਾ ਜਾ ਰਿਹਾ ਹੈ ਅਤੇ ਸੈਕਟਰ 66 ਵਿੱਚ ਇਹ ਨਵਾਂ ਹਸਪਤਾਲ ਬਣਾਇਆ ਜਾਣਾ ਹੈ। ਇਸ ਹਸਪਤਾਲ ਦੀ ਉਸਾਰੀ ਦੇ ਕੰਮ ਲਈ 40 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਸਰਕਾਰ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਅਤੇ ਇਸਦਾ ਕੰਮ ਛੇਤੀ ਹੀ ਆਰੰਭ ਹੋ ਜਾਵੇਗਾ।
ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਉਹ ਅੱਜ ਆਪਣੇ ਜਿਲ੍ਹੇ ਵਿੱਚ ਇਸ ਵੱਡੇ ਅਤੇ ਅਹਿਮ ਪ੍ਰੋਜੈਕਟ ਦੀ ਸ਼ੁਰੂਆਤ ਕਰ ਰਹੇ ਹਨ। ਉਹਨਾਂ ਕਿਹਾ ਕਿ ਮੁਹਾਲੀ ਹਲਕੇ ਦੇ ਵਿਧਾਇਕ ਬਲਬੀਰ ਸਿੰਘ ਸਿੱਧੂ ਵੱਲੋਂ ਸੂਬੇ ਦੇ ਸਿਹਤ ਮੰਤਰੀ ਵਜੋਂ ਲਾਮਿਸਾਲ ਕੰਮ ਕੀਤਾ ਗਿਆ ਹੈ ਅਤੇ ਉਹਨਾਂ ਦੇ ਉਪਰਾਲੇ ਸਦਕਾ ਹੀ ਅੱਜ ਇਹ ਨਵਾਂ ਹਸਪਤਾਲ ਵੀ ਬਣਨ ਜਾ ਰਿਹਾ ਹੈ।
ਇਸ ਮੌਕੇ ਮੁੱਖ ਮੰਤਰੀ ਨੇ ਹਲਕਾ ਵਿਧਾਇਕ ਅਤੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਚੁੱਕੀਆਂ ਗਈਆਂ ਮੰਗਾਂ ਅਨੁਸਾਰ ਸ਼ਹਿਰ ਦੀਆਂ ਮਾਰਕੀਟਾਂ ਵਿਚਲੇ ਬੂਥਾਂ ਨੂੰ ਉਪਰਲੀ ਮੰਜਿਲ ਦੀ ਉਸਾਰੀ ਕਰਨ ਦੀ ਇਜਾਜਤ ਦੇਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਸ਼ਹਿਰ ਵਿੱਚ ਇੱਕ ਨਵਾਂ ਬੱਸ ਅੱਡਾ ਬਣਾਇਆ ਜਾਵੇਗਾ। ਇਸਦੇ ਨਾਲ ਹੀ ਉਹਨਾਂ ਸ਼ਹਿਰ ਵਿੱਚ ਆਡੀਟੋਰੀਅਮ ਦੀ ਉਸਾਰੀ ਲਈ ਦੱਸ ਕਰੋੜ ਰੁਪਏ ਅਤੇ ਸੈਕਟਰ 78 ਵਿਚਲੇ ਸਪੋਰਟਸ ਕਾਂਪਲੈਕਸ ਵਿੱਚ ਬਣਾਏ ਜਾਣ ਵਾਲੇ ਸਿੰਥੈਟਿਕ ਟਰੈਕ ਦੀ ਉਸਾਰੀ ਲਈ 7 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ। ਸ੍ਰ. ਚੰਨੀ ਨੇ ਕਿਹਾ ਕਿ ਸ੍ਰ. ਬਲਬੀਰ ਸਿੰਘ ਸਿੱਧੂ ਦਾ ਪੰਜਾਬ ਦੀ ਰਾਜਨੀਤੀ ਵਿੱਚ ਬਹੁਤ ਵੱਡਾ ਕੱਦ ਹੈ ਅਤੇ ਪਾਰਟੀ ਵੱਲੋਂ ਛੇਤੀ ਹੀ ਉਹਨਾਂ ਨੂੰ ਕੋਈ ਵੱਡੀ ਜਿੰਮੇਵਾਰੀ ਸੰਭਾਲੀ ਜਾਵੇਗੀ।
ਇਸ ਮੌਕੇ ਮੁੱਖ ਮੰਤਰੀ ਵਲੋਂ ਸਨੇਟਾ ਦੀ ਸਰਕਾਰੀ ਡਿਸਪੈਂਸਰੀ ਨੂੰ ਅਪਗ੍ਰੇਡ ਕਰਨ ਅਤੇ ਘੜੂੰਆਂ ਵਿਖੇ ਇੱਕ ਕਮਿਊਨਿਟੀ ਹੈਲਥ ਸੈਂਟਰ ਬਣਾਉਣ ਦਾ ਐਲਾਨ ਵੀ ਕੀਤਾ। ਇਸ ਮੌਕੇ ਬੋਲਦਿਆਂ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਓ ਪੀ ਸੋਨੀ ਨੇ ਕਿਹਾ ਕਿ ਮੁਹਾਲੀ ਵਿੱਚ ਬਣਾਏ ਗਏ ਮੈਡੀਕਲ ਕਾਲੇਜ ਵਿੱਚ ਇਸੇ ਸੈਸ਼ਨ ਤੋਂ ਦਾਖਲੇ ਕਰਨ ਦੀ ਪ੍ਰਕਿਆ ਆਰੰਭ ਕੀਤਾ ਜਾ ਚੁਕੀ ਹੈ ਅਤੇ ਛੇਤੀ ਹੀ ਇਥੇ ਪੜ੍ਹਾਈ ਆਰੰਭ ਹੋ ਜਾਵੇਗੀ ਅਤੇ ਇਥੋਂ ਮਾਹਿਰ ਡਾਕਟਰ ਤਿਆਰ ਹੋ ਕੇ ਨਿਕਲਿਆ ਕਰਣਗੇ।
ਇਸ ਮੌਕੇ ਬੋਲਦਿਆਂ ਸਾਬਕਾ ਸਿਹਤ ਮੰਤਰੀ ਅਤੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਆਪਣੇ ਸਿਹਤ ਮੰਤਰੀ ਦੇ ਕਾਰਜਕਾਲ ਦੌਰਾਨ ਕੋਰੋਨਾ ਖਿਲਾਫ ਲੜੀ ਗਈ ਜੰਗ ਦਾ ਜਿਕਰ ਕੀਤਾ ਅਤੇ ਆਪਣੇ ਕਾਰਜਕਾਲ ਦੀਆਂ ਪ੍ਰਾਪਤੀਆਂ ਗਿਣਾਈਆਂ। ਵਿਰੋਧੀਆਂ ਤੇ ਹਮਲੇ ਕਰਦਿਆਂ ਉਹਨਾਂ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਸਰਕਾਰ ਦੇ 10 ਸਾਲ ਦੇ ਕਾਰਜਕਾਲ ਦੌਰਾਨ ਹਲਕੇ ਵਿੱਚ ਵਿਕਾਸ ਦਾ ਕੋਈ ਕੰਮ ਨਹੀਂ ਹੋਇਆ ਅਤੇ ਹਲਕੇ ਦਾ ਵਿਕਾਸ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਹੀ ਹੋਇਆ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਕਾਰਜਕਾਲ ਦੌਰਾਨ ਹੀ ਮੁਹਾਲੀ ਨੂੰ ਮੈਡੀਕਲ ਕਾਲੇਜ ਮਿਲਿਆ ਅਤੇ ਹੁਣ ਇਹ ਨਵਾਂ ਸਿਵਲ ਹਸਪਤਾਲ ਮਿਲਣ ਜਾ ਰਿਹਾ ਹੈ। ਇਸ ਮੌਕੇ ਸਾਬਕਾ ਮੰਤਰੀ ਅਸ਼ਵਨੀ ਸੇਖੜੀ, ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ, ਜਿਲ੍ਹੇ ਦੇ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਤੋਂ ਇਲਾਵਾ ਜਿਲ੍ਹੇ ਦੇ ਸਿਵਲ ਅਤੇ ਪੁਲੀਸ ਅਧਿਕਾਰੀ ਹਾਜਿਰ ਸਨ।

Leave a Reply

Your email address will not be published. Required fields are marked *