ਭਾਰਤ ’ਚ ਫੇਸਬੁੱਕ, ਟਵਿੱਟਰ ਨੂੰ ‘ਸ਼ੱਟਡਾਊਨ’ ਦਾ ਸਾਹਮਣਾ

ਲੋਕ ਆਵਾਜ਼, ਮਈ 26,2021:

ਭਾਰਤ ਸਰਕਾਰ ਵੱਲੋਂ ਸੋਸ਼ਲ ਮੀਡੀਆ ਕੰਪਨੀਆਂ ਲਈ ਤਿੰਨ ਮਹੀਨੇ ਪਹਿਲਾਂ ਬਣਾਏ ਗਏ ਨਵੇਂ ਨੇਮਾਂ ਨੂੰ ਮੰਨਣ ਲਈ ਮਿੱਥੀ ਗਈ ਆਖ਼ਰੀ ਤਰੀਕ ਅੱਜ ਲੰਘ ਗਈ ਹੈ। ਇਸ ਤਰ੍ਹਾਂ ਟਵਿੱਟਰ ਤੇ ਫੇਸਬੁੱਕ ਜਿਹੇ ਵੱਡੇ ਪਲੈਟਫਾਰਮਾਂ ਦਾ ਭਾਰਤ ਵਿਚ ਅਪਰੇਸ਼ਨ ਜਾਰੀ ਰਹਿਣ ਬਾਰੇ ਕਈ ਖ਼ਦਸ਼ੇ ਖੜ੍ਹੇ ਹੋ ਗਏ ਹਨ। ਚੋਟੀ ਦੇ ਸਰਕਾਰੀ ਸੂਤਰਾਂ ਨੇ ਦੱਸਿਆ ਹੈ ਕਿ ਟਵਿੱਟਰ, ਫੇਸਬੁੱਕ ਤੇ ਹੋਰ ਕੰਪਨੀਆਂ ਹਾਲੇ ਤੱਕ ਹਦਾਇਤਾਂ ਤੇ ਕੋਡ ਦੀ ਪਾਲਣਾ ਯਕੀਨੀ ਬਣਾਉਣ ਵਿਚ ਅਸਫ਼ਲ ਹੋਈਆਂ ਹਨ। ਇਹ ਨੇਮ 26 ਮਈ ਤੋਂ ਲਾਗੂ ਹੋਣ ਵਾਲੇ ਹਨ। ਜੇ ਸੋਸ਼ਲ ਮੀਡੀਆ ਕੰਪਨੀਆਂ ਇਹ ਨੇਮ ਨਹੀਂ ਮੰਨਦੀਆਂ ਤਾਂ ਉਹ ਵਿਚੋਲੇ ਵਜੋਂ ਇਨ੍ਹਾਂ ਨੂੰ ਮਿਲਿਆ ਦਰਜਾ ਤੇ ਸੁਰੱਖਿਆ ਗੁਆ ਸਕਦੀਆਂ ਹਨ। ਇਸ ਤਰ੍ਹਾਂ ਇਹ ਕੰਪਨੀਆਂ ਭਾਰਤ ਦੇ ਮੌਜੂਦਾ ਕਾਨੂੰਨਾਂ ਦੇ ਘੇਰੇ ਵਿਚ ਆ ਜਾਣਗੀਆਂ ਤੇ ਅਪਰਾਧਕ ਕਾਰਵਾਈ ਕੀਤੀ ਜਾ ਸਕੇਗੀ। ਅਧਿਕਾਰੀਆਂ ਮੁਤਾਬਕ ਸੋਸ਼ਲ ਮੀਡੀਆ ਕੰਪਨੀ ‘ਕੂ’ ਨੂੰ ਛੱਡ ਕੇ ਅਜੇ ਤੱਕ ਕਿਸੇ ਵੀ ਹੋਰ ਨੇ ਨਾ ਤਾਂ ਪੱਕੇ ਤੌਰ ’ਤੇ ਸ਼ਿਕਾਇਤ ਅਫ਼ਸਰ ਦੀ ਨਿਯੁਕਤੀ ਕੀਤੀ ਹੈ, ਨਾ ਕੰਪਲਾਇੰਸ ਅਫ਼ਸਰ ਤੇ ਨੋਡਲ ਅਧਿਕਾਰੀ ਲਾਏ ਗਏ ਹਨ। ‘ਕੂ’ ਦੇ ਅਜੇ ਸਿਰਫ਼ 60 ਲੱਖ ਯੂਜ਼ਰ ਹੀ ਹਨ। ਸੂਤਰਾਂ ਦਾ ਕਹਿਣਾ ਹੈ ਕਿ ਕੰਪਨੀਆਂ ਵੱਲੋਂ ਨੇਮਾਂ ਮੁਤਾਬਕ ਨਾ ਢਲਣ ਕਾਰਨ ਸਰਕਾਰ ਨਾਰਾਜ਼ ਹੈ। ਇਸ ਦੌਰਾਨ ਫੇਸਬੁੱਕ ਨੇ ਅੱਜ ਕਿਹਾ ਹੈ ਕਿ ਕੰਪਨੀ 26 ਮਈ ਨੂੰ ਲਾਗੂ ਹੋਣ ਵਾਲੀਆਂ ਹਦਾਇਤਾਂ ਮੁਤਾਬਕ ਚੱਲਣ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੁਝ ਮੁੱਦਿਆਂ ਉਤੇ ‘ਸਰਕਾਰ ਨਾਲ ਥੋੜ੍ਹੀ ਹੋਰ ਗੱਲਬਾਤ ਦੀ ਲੋੜ ਹੈ।’

Leave a Reply

Your email address will not be published. Required fields are marked *