ਤਾਊਤੇ: 37 ਮੌਤਾਂ, 38 ਲੋਕ ਅਜੇ ਵੀ ਲਾਪਤਾ

ਲੋਕ ਆਵਾਜ਼, ਮਈ 20,2021:

ਚਾਰ ਦਿਨ ਪਹਿਲਾਂ ਚੱਕਰਵਾਤੀ ਤੂਫ਼ਾਨ ‘ਤਾਊਤੇ’ ਦੀ ਜ਼ੱਦ ਵਿੱਚ ਆ ਕੇ ਅਰਬ ਸਾਗਰ ਵਿੱਚ ਡੁੱਬੇ ਬੇੜੇ ਪੀ305 ’ਤੇ ਸਵਾਰ 38 ਵਿਅਕਤੀ ਅਜੇ ਵੀ ਲਾਪਤਾ ਹਨ ਜਦੋਂਕਿ 37 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ। ਜਲਸੈਨਾ ਦੇ ਸਮੁੰਦਰੀ ਜਹਾਜ਼ ਸਰਚ ਲਾਈਟਾਂ ਦੀ ਮਦਦ ਨਾਲ ਲੰਘੀ ਰਾਤ ਪਾਣੀਆਂ ਵਿੱਚ ਲਾਪਤਾ ਲੋਕਾਂ ਦੀ ਭਾਲ ਕਰਦੇ ਰਹੇ। ਉਂਜ ਜਿਵੇਂ ਜਿਵੇਂ ਦਿਨ ਲੰਘਦੇ ਜਾ ਰਹੇ ਹਨ, ਇਨ੍ਹਾਂ ਦੇ ਜਿਊਂਦੇ ਹੋਣ ਦੀ ਆਸ ਮੱਧਮ ਪੈਣ ਲੱਗੀ ਹੈ। ਇਸ ਦੌਰਾਨ ਖ਼ਬਰ ਏਜੰਸੀ ਆਈਏਐੱਨਐੱਸ ਨੇ ਦਾਅਵਾ ਕੀਤਾ ਹੈ ਕਿ ਬੰਬੇ ਹਾਈ ਫੀਲਡਜ਼ ਵਿੱਚ ਬੇੜਾ ਡੁੱਬਣ ਕਰਕੇ ਮਰਨ ਵਾਲਿਆਂ ਦੀ ਗਿਣਤੀ ਵਧ ਕੇ 49 ਹੋ ਗਈ ਹੈ ਜਦੋਂਕਿ 26 ਲਾਪਤਾ ਹਨ। ਉਧਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਥਿਆਰਬੰਦ ਬਲਾਂ ਤੇ ਭਾਰਤੀ ਤਟਰੱਖਿਅਕਾਂ ਵੱਲੋਂ ਪ੍ਰਭਾਵਿਤ ਖੇਤਰਾਂ ਵਿੱਚ ਚਲਾਏ ਸਰਚ ਤੇ ਰਾਹਤ ਕਾਰਜਾਂ ਦੀ ਸ਼ਲਾਘਾ ਕੀਤੀ ਹੈ।

ਜਲਸੈਨਾ ਨੇ ਅੱਜ ਸਵੇਰੇ ਹਵਾਈ ਰਸਤੇ ਵੀ ਸਰਚ ਤੇ ਰਾਹਤ ਮੁਹਿੰਮ ਚਲਾਈ। ਹੈਲੀਕਾਪਟਰਾਂ ਰਾਹੀਂ ਮੁੰਬਈ ਦੇ ਤੱਟੀ ਖੇਤਰਾਂ ਦਾ ਚੱਪਾ ਚੱਪਾ ਖੰਗਾਲਿਆ ਗਿਆ। ਬੇੜੇ ’ਤੇ ਸਵਾਰ 37 ਵਿਅਕਤੀਆਂ ਨੂੰ ਮ੍ਰਿਤ ਐਲਾਨਿਆ ਜਾ ਚੁੱਕਾ ਹੈ ਜਦੋਂਕਿ 38 ਅਜੇ ਵੀ ਲਾਪਤਾ ਹਨ। ਬੇੜੇ ਪੀ305 ’ਤੇ ਕੁੱਲ ਮਿਲਾ ਕੇ 260 ਵਿਅਕਤੀ ਸਵਾਰ ਸਨ। ਮੁਸ਼ਕਲ ਮੌਸਮੀ ਹਾਲਾਤ ਦੇ ਬਾਵਜੂਦ ਜਲਸੈਨਾ ਦਾ ਅਮਲਾ ਹੁਣ ਤੱਕ ਇਨ੍ਹਾਂ ਵਿੱਚੋਂ 186 ਵਿਅਕਤੀਆਂ ਨੂੰ ਬਚਾਅ ਚੁੱਕਾ ਹੈ। ਅਮਲੇ ਦੇ ਦੋ ਮੈਂਬਰਾਂ ਨੂੰ ਟਗਬੋਟ ਵਾਰਾਪ੍ਰਦਾ ’ਚੋਂ ਬਚਾਇਆ ਗਿਆ ਸੀ। ਜਲਸੈਨਾ ਤਰਜਮਾਨ ਨੇ ਇਸ ਖ਼ਬਰ ੲੇਜੰਸੀ ਨੂੰ ਦੱਸਿਆ ਕਿ ਜਲਸੈਨਾ ਦਾ ਬੇੜਾ ਆਈਐੱਨਐੱਸ ਕੋਚੀ ਬੁੱਧਵਾਰ ਸਵੇਰ ਤੇ ਆਈਐੱਨਐੱਸ ਕੋਲਕਾਤਾ ਬੁੱਧਵਾਰ ਦੇਰ ਰਾਤ ਨੂੰ ਮ੍ਰਿਤਕਾਂ ਦੀਆਂ ਦੇਹਾਂ ਨਾਲ ਮੁੰਬਈ ਪੁੱਜੇ ਹਨ। ਇਕ ਹੋਰ ਅਧਿਕਾਰੀ ਨੇ ਕਿਹਾ ਕਿ ਲਾਪਤਾ ਵਿਚੋਂ ਕਿਸੇ ਦੇ ਜਿਊਂਦਾ ਹੋਣ ਦੇ ਆਸਾਰ ਮੱਧਮ ਹਨ। ਇਸ ਦੌਰਾਨ ਮੁੰਬਈ ਪੁਲੀਸ ਨੇ ਐਲਾਨ ਕੀਤਾ ਕਿ ਉਹ ਇਸ ਤੱਥ ਦੀ ਜਾਂਚ ਕਰਨਗੇ ਕਿ ਚੱਕਰਵਾਤੀ ਤੂਫ਼ਾਨ ‘ਤਾਊਤੇ’ ਬਾਰੇ ਅਗਾਊਂ ਜਾਣਕਾਰੀ ਹੋਣ ਦੇ ਬਾਵਜੂਦ ਪੀ-305 ਬੇੜਾ ਗੜਬੜ ਵਾਲੇ ਖੇਤਰ ਵਿੱਚ ਕਿਉਂ ਬਣਿਆ ਰਿਹਾ। ਇਸ ਦੌਰਾਨ ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੂਪਾਨੀ ਨੇ ਅੱਜ ਅਮਰੇਲੀ ਤੇ ਗਿਰ ਸੋਮਨਾਥ ਜ਼ਿਲ੍ਹਿਆਂ ਦਾ ਹਵਾਈ ਸਰਵੇਖਣ ਕਰਕੇ ਚੱਕਰਵਾਤੀ ਤੂਫ਼ਾਨ ਕਰਕੇ ਹੋਏ ਫ਼ਸਲਾਂ ਤੇ ਸੰਪਤੀ ਦੇ ਨੁਕਸਾਨ ਦਾ ਜਾਇਜ਼ਾ ਲਿਆ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੰਘੇ ਦਿਨ ਆਪਣੇ ਪਿੱਤਰੀ ਰਾਜ ਦਾ ਹਵਾਈ ਸਰਵੇਖਣ ਕਰਨ ਮਗਰੋਂ ਸੂਬੇ ਲਈ 1 ਹਜ਼ਾਰ ਕਰੋੜ ਰੁਪਏ ਦੀ ਰਾਹਤ ਦਾ ਐਲਾਨ ਕੀਤਾ ਸੀ।

Leave a Reply

Your email address will not be published. Required fields are marked *