ਬੰਗਾਲ ’ਚ ਨਤੀਜਿਆਂ ਤੋਂ ਬਾਅਦ ਹਿੰਸਾ, ਕੇਂਦਰ ਨੇ ਰਾਜ ਸਰਕਾਰ ਤੋਂ ਰਿਪੋਰਟ ਮੰਗੀ

ਲੋਕ ਆਵਾਜ਼, ਮਈ 4,2021:

ਕੇਂਦਰ ਸਰਕਾਰ ਨੇ ਪੱਛਮੀ ਬੰਗਾਲ ਵਿਚ ਚੋਣ ਨਤੀਜਿਆਂ ਤੋਂ ਬਾਅਦ ਵਿਰੋਧੀ ਧਿਰ ਦੇ ਵਰਕਰਾਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਹਿੰਸਾ ਦੇ ਮਾਮਲੇ ’ਚ ਸੂਬਾ ਸਰਕਾਰ ਤੋਂ ਰਿਪੋਰਟ ਤਲਬ ਕੀਤੀ ਹੈ। ਬੰਗਾਲ ਵਿਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣ ਤੋਂ ਬਾਅਦ ਕਥਿਤ ਤੌਰ ’ਤੇ ਭਾਜਪਾ ਸਣੇ ਵਿਰੋਧੀ ਪਾਰਟੀਆਂ ਦੇ ਵਰਕਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਹਿੰਸਾ ਵਿਚ ਕਈ ਮੌਤਾਂ ਹੋ ਚੁੱਕੀਆਂ ਹਨ ਤੇ ਕਈ ਫੱਟੜ ਹਨ। ਸੋਸ਼ਲ ਮੀਡੀਆ ’ਤੇ ਹਿੰਸਾ ਨਾਲ ਜੁੜੀਆਂ ਕਈ ਵੀਡੀਓਜ਼ ਵਾਇਰਲ ਹਨ। ਭਾਜਪਾ ਨੇ ਦਾਅਵਾ ਕੀਤਾ ਹੈ ਕਿ ਇਸ ਦੇ ਕਰੀਬ ਛੇ ਵਰਕਰ ਮਾਰੇ ਗਏ ਹਨ ਤੇ ਟੀਐਮਸੀ ਨੂੰ ਦੋਸ਼ੀ ਠਹਿਰਾਇਆ ਹੈ। ਅਧਿਕਾਰਿਤ ਸੂਤਰਾਂ ਨੇ ਦੱਸਿਆ ਕਿ ਪੱਛਮੀ ਬੰਗਾਲ ਦੇ ਪੂਰਬੀ ਬਰਧਮਾਨ ਜ਼ਿਲ੍ਹੇ ਵਿੱਚ ਟੀਐੱਮਸੀ ਅਤੇ ਭਾਜਪਾ ਸਮਰਥਕਾਂ ਵਿਚਾਲੇ ਝੜਪ ਦੌਰਾਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਬੰਗਾਲ ਵਿਚ ਤ੍ਰਿਣਮੂਲ ਕਾਂਗਰਸ ਨੇ ਜਿੱਤ ਦਰਜ ਕੀਤੀ ਹੈ। ਰਾਜਪਾਲ ਜਗਦੀਪ ਧਨਖੜ ਨੇ ਵੀ ਹਿੰਸਾ ਦੇ ਮਾਮਲੇ ਵਿਚ ਰਿਪੋਰਟ ਤਲਬ ਕੀਤੀ ਹੈ। ਉਨ੍ਹਾਂ ਗ੍ਰਹਿ ਸਕੱਤਰ, ਡੀਜੀਪੀ ਨੂੰ ਸ਼ਾਂਤੀ-ਵਿਵਸਥਾ ਬਹਾਲ ਕਰਨ ਲਈ ਕਿਹਾ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਪਣੇ ਸਮਰਥਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ।

Leave a Reply

Your email address will not be published. Required fields are marked *